ਹਲਦੀ ਬੀਜਣ ਦੀ ਸਹੀ ਵਿਧੀ
ਵਿਕਿਪੀਡਿਆ ਤੋਂ
ਹਲਦੀ ਦੀ ਕਾਸ਼ਤ ਉਂਝ ਤਾਂ ਹਰ ਪ੍ਰਕਾਰ ਦੀ ਜ਼ਮੀਨ ਵਿੱਚ ਕੀਤੀ ਜਾ ਸਕਦੀ ਹੈ, ਪਰ ਵਧੇਰੇ ਝਾਡ਼ ਲੈਣ ਲਈ ਚੰਗੇ ਨਿਕਾਸ ਵਾਲੀ, ਦਰਮਿਆਨੀ ਤੌਂ ਭਾਰੀ ਜ਼ਮੀਨ ਜੋ ਚੰਗੇ ਜੀਵਕ ਮਾਦੇ ਵਾਲੀ ਹੋਵੇ, ਉੱਤਮ ਗਿਣੀ ਜਾਂਦੀ ਹੈ। ਬੀਜਾਈ ਦਾ ਢੰਗ ਅਤੇ ਸਮਾਂ ਹਲਦੀ ਦੀ ਬੀਜਾਈ ਲਈ ਖੇਤ ਨੂੰ ਚੰਗੀ ਤਰ੍ਹਾਂ ਵਾਹੁਣਾ ਚਾਹੀਦਾ ਹੈ। ਖੇਤ ਵਿੱਚ ਪਿਛਲੀ ਫ਼ਸਲ ਦੇ ਮੁੱਢ ਤੇ ਘਾਹ ਫੂਸ ਬਿਲਕੁਲ ਨਹੀਂ ਹੋਣਾ ਚਾਹੀਦਾ। ਇਸ ਲਈ ਤਾਜੀਆਂ, ਰੋਗ ਰਹਿਤ ਅਤੇ ਇਕੋ ਜਿਹੇ ਆਕਾਰ ਦੀਆਂ 6 ਤੋਂ 7 ਕੁਇੰਟਲ ਗੰਢੀਆਂ ਇੱਕ ਏਕਡ਼ ਲਈ ਕਾਫੀ ਹੁੰਦੀਆਂ ਹਨ। ਵਧੀਆ ਝਾਡ਼ ਲੈਣ ਲਈ ਇਸ ਦੀ ਬਿਜਾਈ ਅਪ੍ਰੈਲ ਦੇ ਅਖੀਰ ਵਿੱਚ ਕਰੋ। ਉੱਤਰੀ ਜ਼ਿਲ੍ਹਿਆਂ ਅਤੇ ਨੀਮ ਪਹਾਡ਼ੀ ਇਲਾਕਿਆਂ ਵਿੱਚ ਇਸ ਦੀ ਬਿਜਾਈ ਮਈ ਦੇ ਪਹਿਲੇ ਹਫ਼ਤੇ ਵੀ ਕੀਤੀ ਜਾ ਸਕਦੀ ਹੈ। ਇਸ ਨੂੰ ਪਨੀਰੀ ਰਾਹੀਂ ਵੀ ਬੀਜਿਆ ਜਾ ਸਕਦਾ ਹੈ। ਪਨੀਰੀ ਪੁੱਟ ਕੇ 15 ਜੂਨ ਤੋਂ ਪਹਿਲਾਂ ਲਾ ਦੇਣੀ ਚਾਹੀਦੀ ਹੈ। ਪਨੀਰੀ ਦੀ ਉਮਰ 35-40 ਦਿਨਾਂ ਦੀ ਹੋਣੀ ਚਾਹੀਦੀ ਹੈ। ਇਸ ਨੂੰ ਕਤਾਰਾਂ ਵਿਚਕਾਰ 30 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 20 ਸੈਂਟੀਮੀਟਰ ਰੱਖ ਕੇ ਬੀਜਣਾ ਚਾਹੀਦਾ ਹੈ। ਖਾਦਾਂ ਦੀ ਵਰਤੋਂ ਹਲਦੀ ਲਈ ਰੂਡ਼ੀ ਦੀ ਖਾਦ ਸਭ ਤੋਂ ਚੰਗੀ ਹੈ। ਇਸ ਨੂੰ 10-12 ਟਨ ਰੂਡ਼ੀ ਪ੍ਰਤੀ ਏਕਡ਼ ਦੇ ਹਿਸਾਬ ਨਾਲ ਬੀਜਾਈ ਤੋਂ ਪਹਿਲਾਂ ਪਾ ਦੇਣੀ ਚਾਹੀਦੀ ਹੈ। ਇਸ ਨੂੰ ਨਾਈਟ੍ਰੋਜਨ ਦੀ ਖ਼ਾਸ ਜ਼ਰੂਰਤ ਨਹੀਂ ਹੁੰਦੀ ਪਰ ਬੀਜਾਈ ਦੇ ਸਮੇਂ 10 ਕਿਲੋ ਫ਼ਾਸਫ਼ੋਰਸ ਤੇ 10 ਕਿਲੋ ਪੋਟਾਸ ਖਾਦ ਪਾ ਦਿਉ। ਸਿੰਚਾਈ ਹਲਦੀ ਇੱਕ ਲੰਮੇ ਸਮੇਂ ਦੀ ਫ਼ਸਲ ਹੈ, ਇਸ ਲਈ ਇਸ ਨੂੰ ਲਗਾਤਾਰ ਪਤਲਾ ਪਾਣੀ ਲਾਉਂਦੇ ਰਹਿਣਾ ਚਾਹੀਦਾ ਹੈ। ਬੀਜਾਈ ਉਪਰੰਤ ਪਹਿਲੀ ਸਿੰਚਾਈ ਤੋਂ ਬਾਅਦ ਖੇਤ ਨੂੰ 2.5 ਟਨ ਪਰਾਲੀ ਪ੍ਰਤੀ ਏਕਡ਼ ਦੇ ਹਿਸਾਬ ਨਾਲ ਢਕ ਦਿਉ। ਖੇਤ ਨੂੰ ਗੰਢੀਆਂ ਹਰੀਆਂ ਹੋਣ ਤੱਕ ਗਿੱਲਾ ਰੱਖੋ। ਨਦੀਨਾਂ ਦੀ ਰੋਕਥਾਮ ਨਦੀਨਾਂ ਤੇ ਕਾਬੂ ਪਾਉਣ ਲਈ ਇੱਕ ਜਾਂ ਦੋ ਗੋਡੀਆਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਇਹ ਫ਼ਸਲ ਉੱਗਣ ਲਈ ਕਾਫ਼ੀ ਸਮਾਂ ਲੈਂਦੀ ਹੈ ਅਤੇ ਇਸ ਨੂੰ ਨਦੀਨਾਂ ਤੋਂ ਮੁਕਤ ਰਖੱਣਾ ਚਾਹੀਦਾ ਹੈ। ਪੁਟਾਈ ਇਹ ਫ਼ਸਲ 230-240 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਜਦੋਂ ਹਲਦੀ ਦੇ ਪੱਤੇ ਪੀਲੇ ਹੋ ਕੇ ਸੁੱਕ ਜਾਣ ਤਾਂ ਸਮਝੋ ਇਹ ਪੁਟਾਈ ਲਈ ਤਿਆਰ ਹੈ। ਇਹ ਆਮ ਤੌਰ ਤੇ ਨਵੰਬਰ ਵਿੱਚ ਤਿਆਰ ਹੋ ਜਾਂਦੀ ਹੈ। ਪੁਟਾਈ ਤੋਂ ਬਾਅਦ ਗੰਢੀਆਂ ਤੋਂ ਜਡ਼੍ਹਾਂ ਅਤੇ ਮਿੱਟੀ ਸਾਫ਼ ਕਰ ਦੇਵੋ। ਇਹ ਫ਼ਸਲ 60-80 ਕੁਇੰਟਲ (ਤਾਜੀਆਂ ਗੰਢੀਆਂ) ਪ੍ਰਤੀ ਏਕਡ਼ ਝਾਡ਼ ਦਿੰਦੀ ਹੈ।
(ਹੋਰ ਵਧੇਰੇ ਜਾਣਕਾਰੀ ਲਈ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਜਾਂ ਲੇਖਕ ਨਾਲ ਸੰਪਰਕ ਕਰੋ।)